ਵਿੱਤੀ ਸਹਾਇਤਾ ਸਕੀਮ (Financial Assistance Scheme help in Punjabi)

ਵਿੱਤੀ ਸਹਾਇਤਾ ਯੋਜਨਾ ਹਿੰਸਕ ਅਪਰਾਧਾਂ ਦੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਤੁਸੀਂ ਇਨ੍ਹਾਂ ਦੇ ਖ਼ਰਚੇ ਭਰਨ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹੋ ਜਿਵੇਂ ਕਿ:

  • ਕਾਊਂਸਲਿੰਗ
  • ਡਾਕਟਰੀ ਖ਼ਰਚੇ
  • ਆਮਦਨੀ ਦਾ ਨੁਕਸਾਨ
  • ਹੋਰ ਸਹਾਇਤਾ ਜੋ ਤੁਹਾਨੂੰ ਠੀਕ ਹੋਣ ਵਿੱਚ ਮੱਦਦ ਕਰੇਗੀ।

ਤੁਸੀਂ ਵਿੱਤੀ ਸਹਾਇਤਾ ਯੋਜਨਾ ਹੈਲਪਲਾਈਨ ਨੂੰ ਇਸ ਲਈ ਫ਼ੋਨ ਕਰ ਸਕਦੇ ਹੋ:

  • ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ
  • ਉਨ੍ਹਾਂ ਦਸਤਾਵੇਜ਼ਾਂ ਅਤੇ ਸਬੂਤਾਂ ਬਾਰੇ ਸਲਾਹ ਲੈਣ ਲਈ ਜੋ ਤੁਹਾਨੂੰ ਲੋੜੀਂਦੇ ਹੋਣਗੇ, ਅਤੇ
  • ਅਰਜ਼ੀ ਦੇ ਨਤੀਜਿਆਂ 'ਤੇ ਗੱਲਬਾਤ ਕਰਨ ਲਈ।

ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ ਕਿਸੇ ਨੂੰ ਤੁਹਾਡੇ ਲਈ ਹੈਲਪਲਾਈਨ 'ਤੇ ਫ਼ੋਨ ਕਰਨ ਅਤੇ ਦੁਭਾਸ਼ੀਏ ਦੀ ਮੰਗ ਕਰਨ ਲਈ ਕਹਿ ਸਕਦੇ ਹੋ।

ਤੁਸੀਂ ਇਸ ਹੈਲਪਲਾਈਨ ਨੂੰ 1800 161 136 'ਤੇ ਫ਼ੋਨ ਕਰ ਸਕਦੇ ਹੋ।

ਇਹ ਹੈਲਪਲਾਈਨ ਜਨਤਕ ਛੁੱਟੀਆਂ ਨੂੰ ਛੱਡ ਕੇ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ-5:30 ਵਜੇ ਖੁੱਲ੍ਹੀ ਰਹਿੰਦੀ ਹੈ।

ਯੋਗਤਾ

ਜੇਕਰ ਤੁਸੀਂ ਵਿਕਟੋਰੀਆ ਵਿੱਚ ਕਿਸੇ ਹਿੰਸਕ ਅਪਰਾਧ ਦੁਆਰਾ ਜ਼ਖਮੀ ਹੋਏ ਹੋ, ਤਾਂ ਤੁਸੀਂ ਇਸ ਯੋਜਨਾ ਲਈ ਅਰਜ਼ੀ ਦੇ ਸਕਦੇ ਹੋ। ਇਹ ਸਰੀਰਕ ਜਾਂ ਮਾਨਸਿਕ ਸੱਟ ਜਾਂ ਸਦਮਾ ਹੋ ਸਕਦਾ ਹੈ।

ਤੁਹਾਨੂੰ ਲਾਜ਼ਮੀ ਅਪਰਾਧ ਦੀ ਰਿਪੋਰਟ ਪੁਲਿਸ ਨੂੰ ਕਰਨੀ ਚਾਹੀਦੀ ਹੈ (ਜਦੋਂ ਤੱਕ ਤੁਹਾਡੇ ਕੋਲ ਪੁਲਿਸ ਨੂੰ ਰਿਪੋਰਟ ਨਾ ਕਰਨ ਸੰਬੰਧੀ ਖ਼ਾਸ ਹਾਲਾਤ ਨਾ ਹੋਣ)। ਦੋਸ਼ੀ 'ਤੇ ਇਲਜ਼ਾਮ ਲਾਉਣਾ ਜਾਂ ਉਸ ਨੂੰ ਸਜ਼ਾ ਮਿਲਣਾ ਲਾਜ਼ਮੀ ਨਹੀਂ ਹੈ।

ਜੋ ਕੁੱਝ ਹੋਇਆ, ਉਸ ਦੇ ਆਧਾਰ 'ਤੇ, ਤੁਹਾਨੂੰ ਮੁੱਖ, ਉਪ, ਜਾਂ ਸੰਬੰਧਿਤ ਪੀੜਤ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।

ਤੁਸੀਂ ਮੁੱਖ ਪੀੜਤ ਹੋ ਜੇਕਰ:

  • ਇਹ ਅਪਰਾਧ ਤੁਹਾਡੇ ਵਿਰੁੱਧ ਕੀਤਾ ਗਿਆ ਸੀ
  • ਤੁਸੀਂ ਇੱਕ ਬੱਚੇ ਹੋ, ਜੋ ਅਪਰਾਧ ਨੂੰ ਹੁੰਦਾ ਦੇਖਦਾ, ਸੁਣਦਾ ਜਾਂ ਇਸ ਦੇ ਅਸਰ ਵਿੱਚ ਆਉਂਦਾ ਹੈ, ਜਾਂ
  • ਤੁਸੀਂ ਕਿਸੇ ਹੋਰ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਹਿੰਸਕ ਅਪਰਾਧ ਨੂੰ ਰੋਕਣ ਜਾਂ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋਏ।

ਤੁਸੀਂ ਉਪ ਪੀੜਤ ਹੋ ਜੇਕਰ:

  • ਤੁਸੀਂ ਅਪਰਾਧ ਨੂੰ ਹੁੰਦੇ ਦੇਖਿਆ ਹੈ, ਜਾਂ
  • ਤੁਸੀਂ ਜ਼ਖਮੀ ਹੋਏ ਹੋ ਕਿਉਂਕਿ ਤੁਸੀਂ ਉਸ ਬੱਚੇ ਦੇ ਮਾਤਾ-ਪਿਤਾ ਹੋ ਜੋ ਅਪਰਾਧ ਦਾ ਸ਼ਿਕਾਰ ਹੋਇਆ ਸੀ।

ਤੁਸੀਂ ਸੰਬੰਧਿਤ ਪੀੜਤ ਹੋ ਜੇਕਰ:

  • ਤੁਸੀਂ ਉਸ ਵਿਅਕਤੀ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹੋ ਜੋ ਹਿੰਸਕ ਅਪਰਾਧ ਦੇ ਕਾਰਨ ਮਰਿਆ ਹੈ
  • ਤੁਸੀਂ ਕਿਸੇ ਅਜ਼ੀਜ਼ ਦੇ ਨਿਰਭਰ ਹੋ ਜੋ ਕਿਸੇ ਹਿੰਸਕ ਅਪਰਾਧ ਕਾਰਨ ਮਰਿਆ ਹੈ, ਜਾਂ
  • ਤੁਸੀਂ ਆਪਣੇ ਕਿਸੇ ਅਜ਼ੀਜ਼ ਨਾਲ ਗੂੜ੍ਹੇ ਨਿੱਜੀ ਰਿਸ਼ਤੇ ਵਿੱਚ ਸੀ ਜੋ ਕਿਸੇ ਹਿੰਸਕ ਅਪਰਾਧ ਕਾਰਨ ਮਰ ਗਿਆ ਸੀ।

ਵਿੱਤੀ ਸਹਾਇਤਾ ਅਧੀਨ ਆਉਣ ਵਾਲੇ ਅਪਰਾਧਾਂ ਦੀਆਂ ਉਦਾਹਰਨਾਂ:

  • ਕਤਲ
  • ਹਮਲਾ
  • ਬਲਾਤਕਾਰ
  • ਜਾਨੋਂ ਮਾਰਨ ਦੀਆਂ ਧਮਕੀਆਂ
  • ਡਕੈਤੀ
  • ਲਾਪਰਵਾਹੀ ਨਾਲ ਸੱਟ ਪਹੁੰਚਾਉਣਾ
  • ਦੋਸ਼ਯੋਗ ਡਰਾਈਵਿੰਗ
  • ਜਿਨਸੀ ਅਪਰਾਧ
  • ਚਿੱਤਰ-ਆਧਾਰਿਤ ਜਿਨਸੀ ਅਪਰਾਧ
  • ਪਿੱਛਾ ਕਰਨਾ
  • ਅਗਵਾ ਕਰਨਾ
  • ਘਰ 'ਚ ਘੁਸਪੈਠ

ਸ਼ਾਇਦ ਹੋਰ ਕਿਸਮਾਂ ਦੇ ਅਪਰਾਧ ਵੀ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ ਪਰ ਉਹ ਇੱਥੇ ਸੂਚੀਬੱਧ ਨਹੀਂ ਕੀਤੇ ਗਏ ਹਨ।

ਇਹ ਯੋਜਨਾ ਇਨ੍ਹਾਂ ਨੂੰ ਸ਼ਾਮਲ ਨਹੀਂ ਕਰਦੀ:

  • ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਅਪਰਾਧ
  • ਦਖ਼ਲ ਅਦੇਸ਼ਾਂ ਦਾ ਉਲੰਘਣ, ਜਦੋਂ ਤਕ ਇਸ ਵਿੱਚ ਹਿੰਸਾ ਸ਼ਾਮਲ ਨਾ ਹੋਵੇ।

ਤੁਸੀਂ ਕੀ ਪ੍ਰਾਪਤ ਕਰ ਸਕਦੇ ਹੋ?

ਹਰ ਵਿਅਕਤੀ ਦੀ ਸਥਿਤੀ ਵੱਖਰੀ ਹੁੰਦੀ ਹੈ। ਅਸੀਂ ਕਿੰਨੀ ਰਕਮ ਦੇ ਸਕਦੇ ਹਾਂ ਅਤੇ ਕਿਸ ਕਿਸਮ ਦੀਆਂ ਚੀਜ਼ਾਂ ਲਈ ਭੁਗਤਾਨ ਕਰਦੇ ਹਾਂ, ਉਹ ਹੇਠਾਂ ਦਿੱਤੀਆਂ ਚੀਜ਼ਾਂ 'ਤੇ ਨਿਰਭਰ ਕਰੇਗਾ:

  1. ਤੁਸੀਂ ਕਿਸ ਤਰ੍ਹਾਂ ਦੇ ਪੀੜਤ ਹੋ - ਮੁੱਖ, ਉਪ ਜਾਂ ਸੰਬੰਧਿਤ ਪੀੜਤ
  2. ਇਹ ਅਪਰਾਧ ਤੁਹਾਡੇ ਵਿਰੁੱਧ ਕੀਤਾ ਗਿਆ ਸੀ
  3. ਜੋ ਸੱਟਾਂ ਤੁਹਾਨੂੰ ਲੱਗੀਆਂ ਹਨ।

ਇੱਕ ਮੁੱਖ ਪੀੜਤ ਨੂੰ $60,000 ਤੱਕ ਮਿਲ ਸਕਦਾ ਹੈ (ਜੋ ਸਾਲਾਨਾ ਅਨੁਸੂਚੀਕਰਨ ਲਈ ਵੱਧ ਸਕਦਾ ਹੈ) ਅਤੇ ਕੋਈ ਵੀ ਵਿਸ਼ੇਸ਼ ਭੁਗਤਾਨ ਪ੍ਰਾਪਤ ਕਰ ਸਕਦਾ ਹੈ।

ਤੁਸੀਂ $25,000 ਤੱਕ ਦੇ ਵਿਸ਼ੇਸ਼ ਭੁਗਤਾਨ ਲਈ ਯੋਗ ਹੋ ਸਕਦੇ ਹੋ ਜੋ ਤੁਹਾਡੇ ਵੱਲੋਂ ਸਹਿਣ ਕੀਤੇ ਨੁਕਸਾਨ ਦੀ ਪਛਾਣ ਵਿੱਚ ਮਿਲ ਸਕਦਾ ਹੈ। ਇਹ ਭੁਗਤਾਨ ਹਿੰਸਕ ਅਪਰਾਧ ਦੀ ਕਿਸਮ ਅਤੇ ਤੁਹਾਡੀਆਂ ਸੱਟਾਂ 'ਤੇ ਨਿਰਭਰ ਕਰਦਾ ਹੈ।

ਉਪ ਅਤੇ ਸੰਬੰਧਿਤ ਪੀੜਤ $50,000 ਤੱਕ ਪ੍ਰਾਪਤ ਕਰ ਸਕਦੇ ਹਨ (ਜੋ ਸਾਲਾਨਾ ਅਨੁਸੂਚੀਕਰਨ ਅਨੁਸਾਰ ਵੱਧ ਸਕਦਾ ਹੈ)।

ਦਿੱਤੀਆਂ ਜਾਂਦੀਆਂ ਸੇਵਾਵਾਂ

ਸਾਰੇ ਪੀੜਤ ਇਨ੍ਹਾਂ ਲਈ ਅਰਜ਼ੀ ਦੇ ਸਕਦੇ ਹਨ:

  • ਕਿਸੇ ਰਜਿਸਟਰਡ ਮਨੋਵਿਗਿਆਨੀ, ਰਜਿਸਟਰਡ ਕਾਊਂਸਲਰ, ਜਾਂ ਮਾਨਤਾ ਪ੍ਰਾਪਤ ਮਾਨਸਿਕ ਸਿਹਤ ਸੋਸ਼ਲ ਵਰਕਰ ਤੋਂ ਕਾਊਂਸਲਿੰਗ ਸੈਸ਼ਨਾਂ ਤੱਕ
  • ਵਾਜਬ ਡਾਕਟਰੀ ਖ਼ਰਚੇ, ਅਤੇ
  • ਅਸਾਧਾਰਨ ਹਾਲਾਤਾਂ ਵਿੱਚ ਤੁਹਾਡੀ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਹੋਰ ਖ਼ਰਚੇ।

ਮੁੱਖ ਪੀੜਤ ਇਨ੍ਹਾਂ ਲਈ ਵੀ ਅਰਜ਼ੀ ਦੇ ਸਕਦੇ ਹਨ:

  • ਹਿੰਸਕ ਕਾਰਵਾਈ ਤੋਂ ਬਾਅਦ 2 ਸਾਲਾਂ ਤੱਕ ਦੀ ਆਮਦਨ ਦਾ ਨੁਕਸਾਨ, ਜੋ $20,000 ਤੱਕ ਹੋ ਸਕਦਾ ਹੈ
  • ਅਪਰਾਧ ਦੇ ਕਾਰਨ ਖ਼ਰਾਬ ਜਾਂ ਗੁੰਮ ਹੋਏ ਕੱਪੜੇ (ਘੜੀਆਂ ਅਤੇ ਗਹਿਣੇ ਇਸ ਵਿੱਚ ਸ਼ਾਮਲ ਨਹੀਂ ਹਨ), ਅਤੇ
  • ਤੁਹਾਡੀ ਤਤਕਾਲ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਸੁਰੱਖਿਆ ਚੀਜ਼ਾਂ ਜਿਵੇਂ ਕਿ ਸੁਰੱਖਿਆ ਅਲਾਰਮ ਅਤੇ ਕੈਮਰੇ, ਮੋਬਾਈਲ ਫ਼ੋਨ, ਅਤੇ ਮੁੜ ਵਸੇਬੇ ਦੇ ਖ਼ਰਚੇ।

ਉਪ ਪੀੜਤ ਵੀ ਇਨ੍ਹਾਂ ਲਈ ਅਰਜ਼ੀ ਦੇ ਸਕਦੇ ਹਨ:

  • ਅਸਾਧਾਰਨ ਹਾਲਾਤਾਂ ਵਿੱਚ ਆਮਦਨੀ ਦੇ ਨੁਕਸਾਨ ਲਈ।

ਸੰਬੰਧਿਤ ਪੀੜਤ ਵੀ ਇਨ੍ਹਾਂ ਲਈ ਅਰਜ਼ੀ ਦੇ ਸਕਦੇ ਹਨ:

  • ਉਸ ਰਕਮ ਲਈ ਜੋ ਉਹਨਾਂ ਨੂੰ ਆਪਣੇ ਅਜ਼ੀਜ਼ ਦੀ ਮੌਤ ਤੋਂ 2 ਸਾਲਾਂ ਦੇ ਅੰਦਰ ਆਪਣੇ ਅਜ਼ੀਜ਼ ਤੋਂ ਮਿਲਣੀ ਸੀ, ਅਤੇ
  • ਆਪਣੇ ਅਜ਼ੀਜ਼ ਦੀ ਮੌਤ ਕਾਰਨ ਹੋਰ ਖ਼ਰਚਿਆਂ ਲਈ

ਇਸ ਸਹਾਇਤਾ ਵਿੱਚੋਂ ਕੁੱਝ ਦਾ ਭੁਗਤਾਨ ਤੁਰੰਤ ਕੀਤਾ ਜਾ ਸਕਦਾ ਹੈ, ਜਦੋਂ ਤੱਕ ਤੁਸੀਂ ਸਾਡੀ ਅਰਜ਼ੀ ਦਾ ਮੁਲਾਂਕਣ ਕਰਨ ਦੀ ਉਡੀਕ ਕਰਦੇ ਹੋ।

ਇਹ ਤੁਹਾਡੇ ਕੁੱਲ ਭੁਗਤਾਨ ਵਿੱਚੋਂ ਦਿੱਤੀ ਜਾਂਦੀ ਹੈ ਅਤੇ ਇਹ ਇਸ ਪ੍ਰਕਾਰ ਹੋ ਸਕਦੀ ਹੈ:

  • ਡਾਕਟਰੀ ਅਤੇ ਸੁਰੱਖਿਆ ਖ਼ਰਚਿਆਂ ਲਈ $5,000 ਤੱਕ
  • ਅੰਤਿਮ-ਸੰਸਕਾਰ ਦੇ ਖ਼ਰਚਿਆਂ ਲਈ $19,627 ਤੱਕ
  • ਕਾਊਂਸਲਿੰਗ ਦੇ 5 ਸੈਸ਼ਨ।

ਅੰਤਿਮ-ਸੰਸਕਾਰ ਦੇ ਖ਼ਰਚੇ

ਅਜਿਹਾ ਕੋਈ ਵੀ ਵਿਅਕਤੀ ਜਿਸਨੇ ਕਿਸੇ ਹਿੰਸਕ ਅਪਰਾਧ ਕਾਰਨ ਮਰਨ ਵਾਲੇ ਕਿਸੇ ਵਿਅਕਤੀ ਦੇ ਅੰਤਿਮ ਸੰਸਕਾਰ ਲਈ ਭੁਗਤਾਨ ਕੀਤਾ ਹੈ, ਉਹ ਅੰਤਿਮ-ਸੰਸਕਾਰ ਦੇ ਖ਼ਰਚਿਆਂ ਦੀ ਭਰਪਾਈ ਲਈ ਅਰਜ਼ੀ ਦੇ ਸਕਦਾ ਹੈ।

ਅੰਤਿਮ-ਸੰਸਕਾਰ ਦੇ ਖ਼ਰਚੇ ਮੁੱਖ, ਉਪ, ਜਾਂ ਸੰਬੰਧਿਤ ਪੀੜਤਾਂ ਲਈ ਉਪਲਬਧ ਵੱਧ ਤੋਂ ਵੱਧ ਰਕਮ ਵਿੱਚ ਗਿਣੇ ਨਹੀਂ ਜਾਂਦੇ ਹਨ।

ਅਰਜ਼ੀ ਦੇਣਾ

ਤੁਸੀਂ ਔਨਲਾਈਨ ਅਰਜ਼ੀ ਦੇ ਸਕਦੇ ਹੋ। 

ਜੇਕਰ ਤੁਹਾਨੂੰ ਆਪਣੀ ਅਰਜ਼ੀ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ ਕਿਸੇ ਵਕੀਲ, ਕੇਸ ਵਰਕਰ ਜਾਂ ਕਿਸੇ ਹੋਰ ਭਰੋਸੇਯੋਗ ਵਿਅਕਤੀ ਤੋਂ ਮੱਦਦ ਲੈ ਸਕਦੇ ਹੋ। ਤੁਹਾਨੂੰ ਇੱਕ ਫਾਰਮ ਭਰਨ ਦੀ ਲੋੜ ਹੋਵੇਗੀ ਤਾਂ ਜੋ ਉਹ ਤੁਹਾਡੇ ਅਧਿਕਾਰਤ ਨੁਮਾਇੰਦੇ ਵਜੋਂ ਕੰਮ ਕਰ ਸਕਣ।

ਅਰਜ਼ੀ ਦੇਣ ਲਈ ਸਮਾਂ ਸੀਮਾਵਾਂ ਵੀ ਲਾਗੂ ਹਨ।

ਬਾਲਗਾਂ ਨੂੰ ਇਸ ਸਮੇਂ ਦੇ ਅੰਦਰ-ਅੰਦਰ ਅਰਜ਼ੀ ਦੇਣੀ ਚਾਹੀਦੀ ਹੈ:

  • ਜਿਨਸੀ ਜਾਂ ਪਰਿਵਾਰਕ ਹਿੰਸਾ ਦੇ ਅਪਰਾਧ ਤੋਂ 10 ਸਾਲ ਦੇ ਵਿੱਚ-ਵਿੱਚ,
  • ਜਾਂ ਹੋਰ ਹਿੰਸਕ ਅਪਰਾਧਾਂ ਤੋਂ 3 ਸਾਲ ਦੇ ਵਿੱਚ-ਵਿੱਚ।

ਜੇਕਰ ਹਿੰਸਕ ਅਪਰਾਧ ਵਿੱਚ ਪਰਿਵਾਰਕ ਹਿੰਸਾ ਜਾਂ ਬਾਲ ਦੁਰਵਿਵਹਾਰ ਸ਼ਾਮਲ ਹੁੰਦਾ ਹੈ ਤਾਂ ਬੱਚਿਆਂ ਲਈ ਕੋਈ ਸਮਾਂ ਸੀਮਾ ਨਹੀਂ ਹੈ। ਹੋਰ ਸਾਰੇ ਅਪਰਾਧਾਂ ਲਈ, ਬੱਚੇ ਦੇ 18 ਸਾਲ ਦੇ ਹੋਣ ਤੋਂ ਬਾਅਦ 3 ਸਾਲਾਂ ਦੇ ਅੰਦਰ-ਅੰਦਰ ਅਰਜ਼ੀ ਦੇਣੀ ਲਾਜ਼ਮੀ ਹੈ।

ਕੁੱਝ ਹਾਲਾਤਾਂ ਵਿੱਚ, ਇਹ ਯੋਜਨਾ ਦੇਰ ਨਾਲ ਦਿੱਤੀਆਂ ਅਰਜ਼ੀਆਂ ਨੂੰ ਸਵੀਕਾਰ ਕਰ ਸਕਦੀ ਹੈ।

ਇਸ ਯੋਜਨਾ ਦੁਆਰਾ ਫ਼ੈਸਲਾ ਲੈਣ ਤੋਂ ਬਾਅਦ ਕੀ ਹੁੰਦਾ ਹੈ?

ਤੁਹਾਡੀ ਅਰਜ਼ੀ ਦੇ ਮੁਲਾਂਕਣ ਤੋਂ ਬਾਅਦ ਤੁਹਾਨੂੰ ਫ਼ੈਸਲੇ ਦਾ ਲਿਖਤੀ ਨੋਟਿਸ ਮਿਲੇਗਾ।

ਜੇਕਰ ਤੁਸੀਂ ਕਿਸੇ ਫ਼ੈਸਲੇ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ਅੰਦਰੂਨੀ ਸਮੀਖਿਆ ਲਈ ਅਰਜ਼ੀ ਦੇ ਸਕਦੇ ਹੋ। ਇਹ ਇਸ ਫ਼ੈਸਲੇ ਦੇ 28 ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਣਾ ਚਾਹੀਦਾ ਹੈ।

ਆਪਣੀ ਅਰਜ਼ੀ ਦਾ ਨਤੀਜਾ ਪ੍ਰਾਪਤ ਕਰਨ ਤੋਂ ਬਾਅਦ, ਸ਼ਾਇਦ ਤੁਸੀਂ ਆਪਣੀ ਵਿੱਤੀ ਸਹਾਇਤਾ ਵਿੱਚ ਤਬਦੀਲੀ ਕਰਨਾ ਚਾਹ ਸਕਦੇ ਹੋ, ਇਸਨੂੰ ਪਰਿਵਰਤਨ ਕਿਹਾ ਜਾਂਦਾ ਹੈ। ਇਹ ਇਸ ਲਈ ਹੋ ਸਕਦਾ ਹੈ ਕਿਉਂਕਿ ਤੁਹਾਡੇ ਹਾਲਾਤ ਬਦਲ ਗਏ ਹਨ, ਜਾਂ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਸਹਾਇਤਾ ਦੀ ਲੋੜ ਹੈ।

ਜੋ ਅਪਰਾਧ ਪੀੜਤ ਇਸ ਯੋਜਨਾ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਹਨ, ਉਹ ਵਿਸ਼ੇਸ਼ ਪ੍ਰਕਿਰਿਆ ਦੇ ਤਹਿਤ ਵਿਕਟੋਰੀਆ ਰਾਜ ਦੀ ਤਰਫੋਂ ਇੱਕ ਮਾਨਤਾ ਬਿਆਨ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ, ਜੋ ਕਿ ਅਪਰਾਧ ਦੇ ਪ੍ਰਭਾਵਾਂ ਨੂੰ ਸਵੀਕਾਰ ਕਰਨ ਅਤੇ ਰਾਜ ਵੱਲੋਂ ਅਫ਼ਸੋਸ ਪ੍ਰਗਟਾਉਣ ਲਈ ਹੈ।

ਅਪਰਾਧ ਪੀੜਤਾਂ ਲਈ ਹੈਲਪਲਾਈਨ

ਇਹ ਮੁਫ਼ਤ ਹੈਲਪਲਾਈਨ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਜਦੋਂ ਤੁਸੀਂ ਕਾਲ ਕਰ ਸਕਦੇ ਹੋ, ਤਾਂ ਤੁਸੀਂ:

  • ਅਪਰਾਧ ਦੀ ਰਿਪੋਰਟ ਕਰਨ ਬਾਰੇ ਸਲਾਹ ਪ੍ਰਾਪਤ ਕਰ ਸਕਦੇ ਹੋ
  • ਹੋਰ ਸੇਵਾਵਾਂ ਲੱਭ ਸਕਦੇ ਹੋ ਜੋ ਤੁਹਾਡੀ ਮੱਦਦ ਕਰ ਸਕਦੀਆਂ ਹਨ।
  • ਅਦਾਲਤੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ ਕਿਸੇ ਨੂੰ ਤੁਹਾਡੇ ਲਈ ਵਿਕਟਿਮਜ਼ ਆਫ਼ ਕ੍ਰਾਈਮ ਹੈਲਪਲਾਈਨ 'ਤੇ ਫ਼ੋਨ ਕਰਨ ਅਤੇ ਦੁਭਾਸ਼ੀਏ ਦੀ ਮੰਗ ਕਰਨ ਲਈ ਕਹਿ ਸਕਦੇ ਹੋ।

ਫ਼ੋਨ: 1800 819 817

Updated